ਪੱਤੇ / Leaves

ਪੱਤੇ
ਅਖ਼ਤੂਬਰ ਸ਼ੁਰੂ ਹੁੰਦਿਆਂ
ਬਿਰਖ ਪ੍ਰਾਹੁਣਿਆਂ ਵਾਂਗੂ ਸਜ ਗਏ
ਪੁਲਸੀਏ ਜਹੀ
ਬਊਂ-ਬਊਂ ਕਰਦੀ
ਛੂਕਦੀ..
ਖਘੂੰਰੇ ਮਾਰਦੀ
'ਵਾ ਚੱਲੀ
ਝੜ ਕੇ ਵੀ
ਅਦਬ ਸਹਿਤ
ਸਤਰੰਗਾ ਗਲੀਚਾ ਬਣ
ਵਿਛ ਗਏ
ਵਿਚਾਰੇ ਪੱਤੇ

ਮਖਾਂ ਬਰਫ਼ ਦੇ ਥੱਲੇ ਨ ਦੱਬੇ ਜਾਣ..
ਮੈਂ 'ਕੱਠੇ ਕਰ ਕਰ
ਰੀਸਾਈਕਲ ਥੈਲਿਆਂ 'ਚ ਭਰਦਾ..
ਸੋਚਦਾ..
ਕਿ ਪੱਤੇ..
ਛਾਂ ਵੰਡਣ - ਤਾਂ ਵੀ ਇਕੱਠੇ
ਝੱਖੜ ਝੱਲਣ - ਤਾਂ ਵੀ ਇਕੱਠੇ
ਪੁੰਗਰਨ - ਤਾਂ ਵੀ ਇਕੱਠੇ
ਤੁਰ ਜਾਣ - ਤਾਂ ਵੀ ਇਕੱਠੇ

ਇਕ ਆਹ ਬੰਦਾ ..
ਆਉਂਦਾ ਵੀ - ਇਕੱਲਾ
ਜਾਂਦਾ ਵੀ - ਇਕੱਲਾ
ਕਿਸੇ ਵੀ ਰੁੱਤੇ
ਬਿਨ ਦੱਸੇ

0 Comments: